ਅਕਤੂਬਰ 18, 2017 (ਵਾਸ਼ਿੰਗਟਨ, ਡੀਸੀ) – ਸਿੱਖ ਕੋਅਲੀਸ਼ਨ ਜਾਣਕਾਰੀ ਦਿੰਦੇ ਹੋਏ ਬਹੁਤ ਮਾਣ ਮਹਿਸੂਸ ਕਰਦੀ ਹੈ ਕਿ ਅਮਰੀਕਾ ‘ਚ ਗੁਰਦੁਆਰਿਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਸਾਡੀ ਨਵੀਂ ਮੁਹਿੰਮ ਦੇ ਹਿੱਸੇ ਵਜੋਂ ਇਸ ਸਾਲ 21 ਗੁਰਦੁਆਰਿਆਂ ਨੇ ਲੋਕਲ ਸੁਰੱਖਿਆ ਮਾਹਰਾਂ ਦੀ ਸਲਾਹ ਲਈ ਹੈ। 2017 ਤੱਕ ਕਮੇਟੀ ਮੈਂਬਰਾਂ ਅਤੇ ਕਮਿਊਨਟੀ ਵਲੰਟੀਅਰ ਨੂੰ ਮਿਲਾ ਕੇ ਕੁੱਲ 44 ਤੋਂ ਵੱਧ ਗੁਰਦੁਆਰਿਆਂ ਨੂੰ ਇਲਾਕੇ ਦੇ ਸੁਰੱਖਿਆ ਸਲਾਹਕਾਰਾਂ ਨਾਲ ਜਾਣ ਪਛਾਣ ਕਰਾਈ ਗਈ ਹੈ।

ਮੁਹਿੰਮ ਬਾਰੇ ਵੀਡੀਓ ਵੇਖਣ ਲਈ ਇੱਥੇ ਕਲਿੱਕ ਕਰੋ।

ਸਾਡੀ ਗੁਰਦੁਆਰਾ ਸੁਰੱਖਿਆ ਟੂਲਕਿੱਟ ਡਾਊਨਲੋਡ ਕਰਨ ਵਾਸਤੇ ਇੱਥੇ ਕਲਿੱਕ ਕਰੋ।
Info: aasees@sikhcoalition.org

ਇਹ ਮਾਹਰ ਗੁਰਦੁਆਰਿਆਂ ਨੂੰ ਗੋਲਾਬਾਰੀ, ਸਾੜ-ਫੂਕ ਅਤੇ ਗੱਡੀਆਂ ‘ਤੇ ਹਮਲਿਆਂ ਤੋਂ ਸੁਰੱਖਿਆ ਬਚਾਉਣ ਲਈ ਮੁਫ਼ਤ ਸਲਾਹ ਦਿੰਦੇ ਹਨ।

ਇਹ ਸੰਭਾਵੀ ਤੌਰ ‘ਤੇ ਜੀਵਨ-ਬਚਾਊ ਸਲਾਹ ਸਿੱਖ ਅਮਰੀਕੀ ਭਾਈਚਾਰੇ ਲਈ ਬਹੁਤ ਹੀ ਢੁੱਕਵੀਂ ਹੈ। ਪਿਛਲੇ ਅਗਸਤ ਦੌਰਾਨ ਲਾਸ ਏਂਜਲਸ ਦੇ ਗੁਰਦੁਆਰੇ ਵਿੱਚ ਧਮਕੀਆਂ ਭਰੇ ਨਫ਼ਰਤੀ ਕੰਧ-ਚਿੱਤਰਾਂ ਨਾਲ ਤਬਾਹੀ ਕੀਤੀ ਗਈ ਸੀ। ਪਿਛਲੇ ਸਾਲ ਦੇ ਦੌਰਾਨ, ਕਈ ਮਸਜਿਦਾਂ ਅਤੇ ਯਹੂਦੀਆਂ ਦੇ ਧਰਮ ਸਥਾਨਾਂ ਨੂੰ ਸਾੜ-ਫੂਕ ਹਮਲੇ ਅਤੇ ਬੰਬ-ਧਮਕੀਆਂ ਦਾ ਨਿਸ਼ਾਨਾ ਬਣਾਇਆ ਗਿਆ ਸੀ। 2015 ਵਿੱਚ, ਚਿੱਟੇ ਨਸਲੀ ਬੰਦੂਕਚੀ ਨੇ ਚਾਰਲਸਟਨ, ਦੱਖਣੀ ਕੈਰੋਲੀਨਾ ਦੀ ਚਰਚ ‘ਚ ਛੇ ਭਗਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 2012 ਵਿੱਚ ਨਵ-ਨਾਜ਼ੀ ਬੰਦੂਕਚੀ ਨੇ ਓਕ ਕਰੀਕ, ਵਿਸਕੌਨਸਿਨ ਗੁਰਦੁਆਰੇ ਵਿੱਚ ਗੋਲੀਆਂ ਚਲਾ ਕੇ ਛੇਆਂ ਨੂੰ ਹਲਾਕ ਅਤੇ ਕਈਆਂ ਨੂੰ ਪੱਕੇ ‘ਤੇ ਜ਼ਖਮੀ ਕਰ ਦਿੱਤਾ ਸੀ।

“ਸਿੱਖਾਂ ਕੋਲ ਹਮਲਿਆਂ ਤੋਂ ਗੁਰਦੁਆਰਿਆਂ ਦੀ ਸੁਰੱਖਿਆ ਕਰਨ ਲੰਮਾ ਇਤਿਹਾਸ ਰਿਹਾ ਹੈ ਅਤੇ ਸਾਡੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸੁਰੱਖਿਆ ਖ਼ਤਰਿਆਂ ਨੂੰ ਘਟਾਉਣ ਲਈ ਜ਼ਿੰਮੇਵਾਰ ਹਨ।” ਸਿਮ ਸਿੰਘ ਨੇ ਕਿਹਾ, ਜੋ ਕਿ ਸਿੱਖ ਕੋਅਲੀਸ਼ਨ ਦੇ ਕੌਮੀ ਸਲਾਹਕਾਰੀ ਮੈਨੇਜਰ ਹਨ। “ਅਸੀਂ ਓਕ ਕਰੀਕ ਵਰਗੇ ਦੁਖਾਂਤ ਨੂੰ ਦੁਹਰਾਉਣ ਤੋਂ ਰੋਕਣ ਲਈ ਅਮਰੀਕਾ ਭਰ ਦੇ ਗੁਰਦੁਆਰਾ ਲੀਡਰਾਂ ਨਾਲ ਕੰਮ ਕਰਨਾ ਚਾਹੁੰਦੇ ਹਾਂ।”

ਅਮਰੀਕਾ ‘ਚ ਧਾਰਮਿਕ ਘੱਟ-ਗਿਣਤੀਆਂ ਅਤੇ ਉਹਨਾਂ ਦੇ ਧਰਮ ਸਥਾਨਾਂ ਵਿਰੁਧ ਨਫ਼ਰਤੀ ਜ਼ੁਰਮਾਂ ਵਿੱਚ ਵਾਧੇ ਦੇ ਟਾਕਰੇ ਲਈ ਸਿੱਖ ਕੋਅਲੀਸ਼ਨ ਨੇ ਇਸ ਵਰ੍ਹੇ ਗੁਰਦੁਆਰਾ ਸੁਰੱਖਿਆ ਟੂਲਕਿੱਟ ਨੂੰ ਈਮੇਲ ਅਤੇ ਚਿੱਠੀਆਂ ਰਾਹੀਂ ਦੇਸ਼ ਭਰ ਦੇ 200 ਤੋਂ ਵੱਧ ਗੁਰਦੁਆਰਿਆਂ ਨੂੰ ਵੰਡਿਆ ਹੈ।

“ਬਹੁਤ ਸਾਰੇ ਗੁਰਦੁਆਰਿਆਂ ‘ਚ ਸੁਰੱਖਿਆ ਪ੍ਰਬੰਧਾਂ ਦੀ ਕਮੀ ਹੈ ਅਤੇ ਦੇਰੀ ਕਰਨ ਨਾਲੋਂ ਹੁਣੇ ਤਿਆਰੀ ਕੀਤੀ ਚੰਗੀ ਰਹੇਗੀ। ਹਰ ਗੁਰਦੁਆਰੇ ਨੂੰ ਇਸ ਮੌਕੇ ਦਾ ਫਾਇਦਾ ਲੈਣਾ ਚਾਹੀਦਾ ਹੈ,” ਸਤਨਾਮ ਸਿੰਘ, ਲੇਕ ਚਰਲਸ, ਲੂਸੀਆਨਾ ਵਿੱਚ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਮੈਂਬਰ, ਨੇ ਕਿਹਾ।

ਪ੍ਰੋਗਰਾਮ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ, ਅਸੀਂ ਦਰਜਨਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨਾਲ ਫ਼ੋਨ ‘ਤੇ ਅਮਰੀਕਾ ਘਰੇਲੂ ਸੁਰੱਖਿਆ ਵਿਭਾਗ ਵਿੱਚ ਢਾਂਚਾ ਸੁਰੱਖਿਆ ਦੇ ਦਫ਼ਤਰ ਤੋਂ ਸੁਰੱਖਿਆ ਮਾਹਰਾਂ ਨਾਲ ਮੁਫ਼ਤ ਸਲਾਹ ਲਈ ਸਮਾਂ ਤਹਿ ਕਰਨ ਬਾਰੇ ਪੁੱਛਿਆ ਹੈ।

“ਮੈਂ ਸਿੱਖ ਕੋਅਲੀਸ਼ਨ ਨਾਲ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਜ਼ੋਰਦਾਰ ਸਿਫਾਰਸ਼ ਕਰਦੀ ਹਾਂ,” ਸਿਲਵਰ ਸਪਰਿੰਗ, ਮੈਰੀਲੈਂਡ ਵਿੱਚ ਸਥਿਤ, ਗੁਰੂ ਨਾਨਕ ਫਾਊਂਡੇਸ਼ਨ ਆਫ਼ ਅਮਰੀਕਾ ਦੀ ਮੈਂਬਰ ਹਰਚਰਨ ਕੌਰ ਨੇ ਕਿਹਾ। “ਮੈਂ ਸੋਚਦੀ ਹਾਂ ਕਿ ਅਸੀਂ ਅਕਸਰ ਇਸ ਮਸਲੇ ਨੂੰ ਅਣਡਿੱਠਾ ਕਰਦੇ ਰਹਿੰਦੇ ਹਾਂ, ਅਤੇ ਇਹ ਪ੍ਰੋਗਾਰਮ ਅੱਖਾਂ ਖੋਲ੍ਹਣ ਵਾਲਾ ਸੀ।”

ਕਾਰਵਾਈ ਕਰੋ – ਹੋਰਾਂ ਨੂੰ ਦੱਸੋ

1. ਗੁਰਦੁਆਰੇ ਵਿਖੇ ਸਾਂਝਾ ਕਰੋ – ਆਪਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਨਾਲ ਸਾਡੀ ਗੁਰਦੁਆਰਾ ਸੁਰੱਖਿਆ ਟੂਲਕਿੱਟ ਨੂੰ ਸਾਂਝਾ ਕਰੋ ਅਤੇ ਉਹਨਾਂ ਨੂੰ ਉਹਨਾਂ ਦੀ ਇਮਾਰਤ ਦੀ ਸੁਰੱਖਿਆ ਲਈ ਕਾਰਜਕਾਰੀ ਗਰੁੱਪ ਬਣਾਉਣ ਲਈ ਕਹੋ।

2. ਸਮਾਜਿਕ ਸੰਚਾਰ ਸਾਧਨਾਂ(ਸੋਸ਼ਲ ਮੀਡੀਆ) ‘ਤੇ ਸਾਂਝਾ ਕਰੋ – ਸਮਾਜਿਕ ਸੰਚਾਰ-ਸਾਧਨਾਂ ‘ਤੇ ਟੂਲਕਿੱਟ ਨੂੰ ਸਾਂਝਾ ਕਰੋ ਅਤੇ ਗੁਰਦੁਆਰਿਆਂ ਨੂੰ ਸੁਰੱਖਿਅਤ ਬਣਾਉਣ ਦੀ ਲੋੜ ਬਾਰੇ ਜਾਗਰੂਕਤਾ ਅਤੇ ਗੱਲਬਾਤ ਕਰਨ ਵਾਸਤੇ ਸਾਡੀ ਮਦਦ ਕਰੋ।

ਹਮੇਸ਼ਾ ਦੀ ਤਰ੍ਹਾਂ ਸਿੱਖ ਕੋਅਲੀਸ਼ਨ ਤੁਹਾਨੂੰ ਬੇਖ਼ੌਫ਼ ਹੋ ਕੇ ਆਪਣੇ ਧਰਮ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਦੀ ਹੈ।