ਮਾਰਚ 17, 2017 (ਨਿਊਯਾਰਕ, NY) – ਪਿਛਲੇ ਸਾਲਾਂ ਦੌਰਾਨ ਸਿੱਖ ਕੋਅਲੀਸ਼ਨ ਨੇ ਤੁਹਾਡੇ ਬੱਚਿਆਂ ਨੂੰ ਧੌਂਸ-ਧੱਕੇ(ਬੁੱਲਿੰਗ) ਤੋਂ ਬਚਾਉਣ ਲਈ ਕਈ ਸਰੋਤ ਤਿਆਰ ਕੀਤੇ ਹਨ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹਨਾਂ ਸਰੋਤਾਂ ਨੂੰ ਸਕੂਲ ਅਧਿਕਾਰੀਆਂ ਅਤੇ ਹੋਰ ਮਾਪਿਆਂ ਨਾਲ ਸਾਂਝੇ ਕਰੋ ਤਾਂ ਕਿ ਸਾਡੇ ਦੇਸ਼ ਦੇ ਸਾਰੇ ਬੱਚਿਆਂ ਨੂੰ ਸਿੱਖਣ ਦਾ ਸੁਰੱਖਿਅਤ ਅਤੇ ਸਿਹਤਮੰਦ ਮਾਹੌਲ ਮਿਲਣਾ ਯਕੀਨੀ ਬਣਾਇਆ ਜਾ ਸਕੇ।

ਆਪਣੇ ਹੱਕਾਂ ਬਾਰੇ ਜਾਣੋ

StopBullying.gov, ਸੰਘੀ ਸਰਕਾਰ ਦੀ ਵੈੱਬਸਾਈਟ ਦੇ ਮੁਤਾਬਕ, ਧੌਂਸ-ਧੱਕੇ ਦੀਆਂ ਉਦਾਹਰਨਾਂ ਵਿੱਚ ਧਮਕੀਆਂ ਦੇਣਾ, ਅਫ਼ਵਾਹਾਂ ਫੈਲਾਉਣਾ, ਕਿਸੇ ਉੱਤੇ ਸਰੀਰਿਕ ਜਾਂ ਜ਼ੁਬਾਨੀ ਹਮਲੇ ਕਰਨੇ ਅਤੇ ਗਰੁੱਪ ਵਿੱਚੋਂ ਜਾਣਬੁੱਝ ਕੇ ਅਲਹਿਦਾ ਰੱਖਣਾ ਸ਼ਾਮਲ ਹੈ। ਪਿਛਲੇ ਸਾਲਾਂ ਦੇ ਦੌਰਾਨ ਦੇਸ਼ ਭਰ ਵਿੱਚੋਂ ਸਿੱਖ ਬੱਚਿਆਂ ਨੇ ਸਾਨੂੰ ਦੱਸਿਆ ਹੈ ਕਿ ਉਹਨਾਂ ਨੂੰ ਉਹਨਾਂ ਦੀ ਸਿੱਖ ਪਛਾਣ ਦੇ ਕਰਕੇ ਸਕੂਲ ਵਿੱਚ ਧੌਂਸ-ਧੱਕੇ ਦਾ ਸ਼ਿਕਾਰ ਹੋਣਾ ਪਿਆ ਹੈ।

ਹਾਲਾਂਕਿ ਅਮਰੀਕਾ ਦੇ ਬਹੁਤੇ ਸਕੂਲ ਜਿਲਿਆਂ ਵਿੱਚ ਧੌਂਸ-ਧੱਕੇ ਉੱਤੇ ਰੋਕ ਲਗਾਉਣ ਵਾਲੀਆਂ ਨੀਤੀਆਂ ਹਨ, ਪਰ ਇਹਨਾਂ ਨੀਤੀਆਂ ਨੂੰ ਠੀਕ ਢੰਗ ਨਾਲ ਲਾਗੂ ਨਾ ਕਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਕਰਕੇ ਮਾਪਿਆਂ ਵਲੋਂ ਉਹਨਾਂ ਦੇ ਸਕੂਲ ਅਧਿਕਾਰੀਆਂ ਨਾਲ ਸੰਪਰਕ ਰੱਖਣਾ ਅਤੇ ਉਹਨਾਂ ਨੂੰ ਜਵਾਬਦੇਹ ਬਣਾਉਣਾ ਬਹੁਤ ਹੀ ਜ਼ਰੂਰੀ ਹੈ।

ਕਾਰਵਾਈ ਕਰੋ

ਧੌਂਸ-ਧੱਕੇ ਨੂੰ ਰੋਕਣ ਲਈ ਮਾਪੇ ਕਈ ਕਦਮ ਚੁੱਕ ਸਕਦੇ ਹਨ।

1. ਧੌਂਸ-ਧੱਕੇ ਜਾਣਕਾਰੀ ਪੱਤਰ ਨੂੰ ਆਪਣੇ ਸਥਾਨਕ ਗੁਰਦੁਆਰੇ ਨਾਲ ਸਾਂਝੀ ਕਰੋ – ਅਮਰੀਕੀ ਨਿਆਂ ਵਿਭਾਗ ਨੇ ਕੁਝ ਸਮਾਂ ਪਹਿਲਾਂ ਪੰਜਾਬੀ ਵਿੱਚ ਜਾਣਕਾਰੀ ਪੱਤਰ ਬਣਾਇਆ ਸੀ, ਜੋ ਕਿ ਧੌਂਸ-ਧੱਕੇ ਦੇ ਸੰਬੰਧ ਵਿੱਚ ਸੰਘੀ ਕਾਨੂੰਨਾਂ ਉੱਤੇ ਚਾਨਣਾ ਪਾਉਂਦਾ ਹੈ। ਆਪਣੇ ਸਥਾਨਕ ਗੁਰਦੁਆਰੇ ਨੂੰ ਆਪਣੀ ਸਥਾਨਕ ਸੰਗਤ ਵਿੱਚ ਇਹ ਦਸਤਾਵੇਜ਼ ਨੂੰ ਵੰਡਣ ਬਾਰੇ ਬੇਨਤੀ ਕਰੋ।
2. ਸਰੋਤਾਂ ਨੂੰ ਅਧਿਆਪਕਾਂ ਅਤੇ ਸਕੂਲ ਮੁੱਖ-ਅਧਿਆਪਕਾਂ ਨਾਲ ਸਾਂਝਾ ਕਰੋ – ਸਿੱਖ ਕੋਅਲੀਸ਼ਨ ਦੀ ਆਪਣੀ ਵੈੱਬਸਾਈਟ ਉੱਤੇ ਕਈ ਮੁਫ਼ਤ ਧੌਂਸ-ਧੱਕਾ ਰੋਕੂ ਸਰੋਤ ਮੌਜੂਦ ਹਨ, ਜਿਹਨਾਂ ਨੂੰ ਸਕੂਲ ਅਧਿਕਾਰੀਆਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਅਸੀਂ ਸਿਫਾਰਸ਼ ਕਰਦੇ ਹਾਂ ਕਿ ਤੁਸੀਂ ਇਹਨਾਂ ਸਰੋਤਾਂ ਦੀ ਪੜਤਾਲ ਕਰੋ ਅਤੇ ਉਹਨਾਂ ਨੂੰ ਆਪਣੇ ਸਥਾਨਕ ਸਕੂਲ ਵਿੱਚ ਅਧਿਆਪਕਾਂ, ਮਾਪੇ ਅਧਿਆਪਕਾਂ ਸੰਗਠਨ(PTA) ਅਤੇ ਮੁੱਖ-ਅਧਿਆਪਕ ਨਾਲ ਸਾਂਝਾ ਕਰੋ।
3. ਧੌਂਸ-ਧੱਕੇ ਦੀ ਜਾਣਕਾਰੀ ਸਿੱਖ ਕੋਅਲੀਸ਼ਨ ਨੂੰ ਦਿਓ – ਜੇ ਤੁਹਾਡੇ ਬੱਚਿਆਂ ਨੂੰ ਉਸ ਦੇ ਸਕੂਲ ਵਿੱਚ ਧੌਂਸ-ਧੱਕੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਸਿੱਖ ਕੋਅਲੀਸ਼ਨ ਵਲੋਂ ਮੁਫ਼ਤ ਸਹਾਇਤਾ ਲਈ legal@sikhcoalition.org ਉੱਤੇ ਈਮੇਲ ਕਰੋ। ਅਸੀਂ ਤੁਹਾਡੇ ਨਾਲ ਗੁਪਤ ਰੂਪ ਗੱਲ ਕਰ ਸਕਦੇ ਹਾਂ ਅਤੇ ਤੁਹਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਵਧੀਆ ਚੋਣਾਂ ਬਾਰੇ ਚਰਚਾ ਕਰ ਸਕਦੇ ਹਾਂ।

ਸਿੱਖ ਕੋਅਲੀਸ਼ਨ ਆਉਣ ਵਾਲੇ ਹਫ਼ਤਿਆਂ ਤੇ ਮਹੀਨਿਆਂ ਵਿੱਚ ਇਸ ਤਰ੍ਹਾਂ ਦੇ ਸਰੋਤ ਸਾਂਝੇ ਕਰਨੇ ਜਾਰੀ ਰੱਖੇਗੀ ਅਤੇ ਅਸੀਂ ਆਪਣੇ ਭਾਈਚਾਰੇ ਨੂੰ ਹੋਰ ਵੀ ਪ੍ਰਭਾਵੀ ਬਣਾਉਣ ਲਈ ਤੁਹਾਡੇ ਵਿਚਾਰਾਂ ਤੇ ਸੁਝਾਆਵਾਂ ਦਾ ਸਵਾਗਤ ਕਰਦੇ ਹਾਂ। ਅਸੀਂ ਹਾਲ ਵਿੱਚ ਹੀ ਗੁਰੁਦਆਰਿਆਂ ਦੀ ਸੁਰੱਖਿਆ ਅਤੇ ਨਫ਼ਰਤੀ ਜ਼ੁਰਮਾਂ ਦੀ ਰਿਪੋਰਟ ਕਰਨ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ।

ਹਮੇਸ਼ਾ ਦੀ ਤਰ੍ਹਾਂ ਸਿੱਖ ਕੋਅਲੀਸ਼ਨ ਤੁਹਾਨੂੰ ਬੇਖ਼ੌਫ਼ ਹੋ ਕੇ ਆਪਣੇ ਧਰਮ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਦੀ ਹੈ।